--
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜੋਨ ਇੰਚਾਰਜ ਰਾਮ ਸਿੰਘ ਮਿੱਡਾ ਅਤੇ ਜਿਲ੍ਹਾ ਪ੍ਰਧਾਨ ਤਰਨਤਾਰਨ ਸਕੱਤਰ ਸਿੰਘ ਪਹੂਵਿੰਡ ਨੇ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੱਛਲੇ 15 ਅਗਸਤ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 300 ਯੂਨਿਟ ਬਿਜਲੀ ਮੁਆਫ਼ੀ ਫਰੀਡਮ ਫਾਈਟਰ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਪਰ ਸਾਲ ਬੀਤ ਜਾਣ ਦੇ ਬਾਵਜੂਦ ਬਿਜਲੀ ਮੁਆਫ਼ੀ ਲਾਗੂ ਨਹੀਂ ਹੋਈ ਤੇ 1 ਕਿਲੋਵਾਟ ਦੀ ਸ਼ਰਤ ਵੀ ਨਹੀਂ ਹਟਾਈ ਗਈ। ਫਰੀਡਮ ਫਾਈਟਰ ਪਰਿਵਾਰਾਂ ਨੂੰ ਮਕਾਨ ਦੇਣ ਦਾ ਐਲਾਨ ਵੀ ਲਾਗੂ ਨਹੀਂ ਕੀਤਾ ਗਿਆ। ਕਈ ਟਰੱਸਟ ਬਣਾਏ ਪਰ ਫਰੀਡਮ ਫਾਈਟਰ ਟਰੱਸਟ ਵੀ ਨਹੀਂ ਬਣਾਇਆ ਗਿਆ। ਜਿਲ੍ਹਾ ਪੱਧਰ ਤੇ ਆਜਾਦੀ ਘੁਲਾਟੀਏ ਯਾਦਗਾਰ ਹਾਲ ਬਣਾਉਣ ਲਈ ਜਗ੍ਹਾ ਦੇਣ ਦਾ ਮਸਲਾ ਵੀ ਹੱਲ ਨਹੀਂ ਕੀਤਾ ਗਿਆ। ਪਿਛਲੇ 75 ਸਾਲ ਤੋਂ ਸਰਕਾਰਾਂ ਨੇ ਲਾਰੇ ਹੀ ਲਾਏ ਪਰ ਫਰੀਡਮ ਫਾਈਟਰ ਪਰਿਵਾਰਾਂ ਦੇ ਮਸਲੇ ਹੱਲ ਨਹੀਂ ਕੀਤੇ, ਪਰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਸੰਘਰਸ਼ ਦੇ ਰਾਹ ਨਹੀਂ ਪੈਣਾ ਚਾਹੁੰਦੇ ਪਰ ਚੁੱਪ ਰਹਿਣਾ ਵੀ ਬੁਜਦਿਲੀ ਹੋਵੇਗੀ। ਇਸ ਲਈ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਸਾਡਾ ਸਬਰ ਨਾ ਪਰਖੇ ਅਤੇ 10 ਸਤੰਬਰ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਥੇਬੰਦੀ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਣ ਨਹੀਂ ਤਾਂ ਫਰੀਡਮ ਫਾਈਟਰ ਪਰਿਵਾਰ 10 ਸਤੰਬਰ ਨੂੰ ਚੰਡੀਗੜ੍ਹ ਵਿੱਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹੋਣਗੇ। ਇਸ ਮੀਟਿੰਗ ਵਿੱਚ ਜੋਨ ਇੰਚਾਰਜ ਅੰਮ੍ਰਿਤਸਰ ਰਾਮ ਸਿੰਘ ਮਿੱਡਾ ਅਤੇ ਜਿਲਾ ਤਰਨਤਾਰਨ ਪ੍ਰਧਾਨ ਸਕੱਤਰ ਸਿੰਘ ਪਹੂਵਿੰਡ ਤੋਂ ਇਲਾਵਾ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
No comments:
Post a Comment