ਪੂਰਨ ਸਿੰਘ ਮਾੜੀਮੇਘਾ ਦੀ ਰਿਟਾਇਰਮੈਂਟ ਪਾਰਟੀ ਤੇ ਵਿਸ਼ੇਸ਼ ਸਨਮਾਨ ਸਮਾਰੋਹ ।
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਮੁਲਾਜਮ ਲਹਿਰ ਸਿਰਮੌਰ ਘੁਲਾਟੀਏ ਪੂਰਨ ਸਿੰਘ ਮਾੜੀਮੇਘਾ ਦਾ ਵਿਸ਼ੇਸ਼ ਸਨਮਾਨ 13 ਅਕਤੂਬਰ ਨੂੰ ਭਿੱਖੀਵਿੰਡ ਲਾਈਮ ਲਾਈਟ ਪੈਲੇਸ ਵਿਖੇ ਹੋ ਰਿਹਾ ਹੈ। ਉੱਨਾਂ ਦਾ ਜਨਮ ਪਿਤਾ ਸਰਦਾਰ ਨਰੰਜਣ ਸਿੰਘ ਅਤੇ ਮਾਤਾ ਸ੍ਰੀਮਤੀ ਮਾਨ ਕੌਰ ਦੀ ਕੁੱਖੋਂ 03- 11- 1963 ਨੂੰ ਪਿੰਡ ਮਾੜੀਮੇਘਾ ਵਿਖੇ ਹੋਇਆ। ਸਕੂਲ ਦਾਖਲੇ ਸਮੇਂ ਸਕੂਲ ਅਧਿਆਪਕ ਵੱਲੋਂ ਜਨਮ ਮਿਤੀ 22 -04 -1963 ਲਿਖੀ ਗਈ। ਜਿਸ ਦਿਨ ਉੱਨਾਂ ਦਾ ਜਨਮ ਹੋਇਆ ਉਸ ਦਿਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਸੀ। ਪੂਰਨ ਸਿੰਘ ਆਪਣੇ ਭੈਣ ਭਰਾਵਾਂ ਵਿੱਚੋ ਸਭ ਤੋਂ ਛੋਟੇ ਹਨ।
ਆਪ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਅਤੇ ਦਸਵੀਂ ਸਰਕਾਰੀ ਸਕੂਲ ਮਾੜੀਮੇਘਾ ਤੋਂ ਸਾਲ 1979 ਵਿੱਚ ਪਾਸ ਕੀਤੀ। ਆਈ ਟੀ ਆਈ ਪੱਟੀ ਤੋਂ 1981 ਵਿੱਚ ਇਲੈਕਟ੍ਰੀਸ਼ਨ ਟਰੇਡ ਦਾ ਦੋ ਸਾਲਾ ਕੋਰਸ ਪਾਸ ਕਰਨ ਤੋਂ ਬਾਅਦ ਸਾਲ 1984 ਤੋਂ 1986 ਵਿੱਚ ਬਿਜਲੀ ਬੋਰਡ ਤੋਂ ਅਪਰੈਟਿਸ਼ਿਪ ਲਾਇਨਮੈਨ ਦੀ ਟਰੇਨਿੰਗ ਪਾਸ ਕੀਤੀ। ਪੂਰਨ ਸਿੰਘ ਨੇ ਸਾਲ 1986/ 87 ਦੌਰਾਨ ਸਰਕਾਰੀ ਕਾਲਜ ਪੱਟੀ ਤੋਂ ਗ੍ਰੈਜੂਏਸ਼ਨ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਆਪ ਵਿਦਿਆਰਥੀਆਂ ਦੀ ਜੱਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ( ਏ ਆਈ ਐਸ ਐਫ) ਵਿੱਚ ਇੱਕ ਸਰਗਰਮ ਆਗੂ ਦੇ ਤੌਰ ਤੇ ਕੰਮ ਕੀਤਾ ਅਤੇ ਸਾਥੀ ਬਲਕਾਰ ਸਿੰਘ ਵਲਟੋਹਾ, ਪ੍ਰਿਥੀਪਾਲ ਸਿੰਘ ਮਾੜੀਮੇਘਾ,ਕੁਲਵਿੰਦਰ ਸਿੰਘ ਵਲਟੋਹਾ ਨਾਲ ਕੰਮ ਕਰਦਿਆਂ ਏ ਆਈ ਐਸ ਐਫ ਦੇ ਸੂਬਾ ਕੌਂਸਲ ਮੈਂਬਰ ਬਣੇ।
ਪੂਰਨ ਸਿੰਘ ਨੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ 22ਵੀ ਕਾਨਫਰੰਸ ਜੋ ਆਂਧਰਾ ਪ੍ਰਦੇਸ਼ ਦੇ 'ਗੰਟੂਰ' ਸ਼ਹਿਰ ਵਿੱਚ 1985 ਵਿੱਚ ਹੋਈ ਬਤੌਰ ਡੈਲੀਗੇਟ ਭਾਗ ਲਿਆ ਅਤੇ 1986 ਵਿੱਚ ਲਖਨਊ ਵਿਖੇ ਜਥੇਬੰਦੀ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਵੀ ਹਿੱਸਾ ਲਿਆ।
1986 ਵਿੱਚ ਨਰਿੰਦਰ ਕੁਮਾਰ ਬੱਲ, ਸੁਰਿੰਦਰਪਾਲ ਸਿੰਘ ਲਾਹੌਰੀਆ, ਪ੍ਰਿਥੀਪਾਲ ਸਿੰਘ ਮਾੜੀਮੇਘਾ,ਰਾਜਿੰਦਰ ਕੁਮਾਰ ਜੋਸ਼ੀ,ਗੁਰਪ੍ਰੀਤ ਸਿੰਘ ਗੰਡੀਵਿੰਡ, ਕ੍ਰਿਸ਼ਨ ਕੁਮਾਰ ਘਰਿਆਲਾ ਅਤੇ ਜਸਪਾਲ ਸਿੰਘ ਮਾੜੀਮੇਘਾ ਆਦਿ ਸਾਥੀਆ ਨੇ ਆਈ ਟੀ ਆਈ ਅਪਰੈਟਿਸ਼ਿਪ ਯੂਨੀਅਨ ਬਣਾਈ ਅਤੇ ਪੂਰਨ ਸਿੰਘ ਜਥੇਬੰਦੀ ਦਾ ਸੂਬਾਈ ਕਨਵੀਨਰ ਬਣਿਆ ਅਤੇ 1992 ਤੱਕ ਇਸ ਜਥੇਬੰਦੀ ਦੀ ਅਗਵਾਈ ਕੀਤੀ। ਸਾਰੇ ਸਾਥੀਆਂ ਦੇ ਸਹਿਯੋਗ ਨਾਲ ਜਥੇਬੰਦੀ ਨੇ ਵੱਡੀਆਂ ਮੱਲਾਂ ਮਾਰੀਆਂ ਅਤੇ ਬਿਜਲੀ ਬੋਰਡ ਵਿੱਚ ਵੱਡੇ ਪੱਧਰ ਤੇ ਲਾਈਨਮੈਨ ਭਰਤੀ ਕਰਾਉਣ 'ਚ ਕਾਮਯਾਬ ਹੋਏ।ਲਾਇਨਮੈਨ ਦੀ ਭਰਤੀ ਸਮੇਂ ਸਿਰਫ਼ ਅਪਰੈਟਿਸ਼ਿਪ ਪਾਸ ਸਾਥੀਆ ਨੂੰ ਹੀ ਲਾਇਨਮੈਨ ਦੀ ਅਸਾਮੀ ਲਈ ਭਰਤੀ ਕਰਨ ਦਾ ਮੈਨੇਜਮੈਂਟ ਤੋਂ ਫੈਸਲਾ ਕਰਵਾਇਆ ਜੋ ਅੱਜ ਤੱਕ ਵੀ ਲਾਗੂ ਹੈ।
ਸਾਥੀ ਜੀ 12- 08- 1987 ਨੂੰ ਸਰਕਲ ਕਪੂਰਥਲਾ ਦੀ ਸਬ ਡਵੀਜਨ ਸੁਲਤਾਨਪੁਰ ਲੋਧੀ ਵਿਖੇ ਬਤੌਰ ਲਾਇਨਮੈਨ ਨਿਯੁਕਤ ਹੋਏ ਅਤੇ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵਿੱਚ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕੀਤਾ। ਉਹਨੀਂ ਦਿਨੀਂ ਜਥੇਬੰਦੀ ਦਾ ਐਕਸੀਅਨ ਫਗਵਾੜਾ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈਕੇ ਸੰਘਰਸ਼ ਚੱਲ ਰਿਹਾ ਸੀ। 08 .09. 1987 ਨੂੰ ਬਿਜਲੀ ਮੁਲਾਜ਼ਮਾਂ ਨੇ ਫਗਵਾੜਾ ਵਿਖੇ ਧਰਨਾ ਲਗਾਇਆ ਅਤੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਸ਼ਹਿਰ ਵਿੱਚ ਦਫਾ 144 ਲੱਗੀ ਹੋਣ ਦਾ ਕੇਸ ਬਣਾ ਕੇ ਕਰੀਬ 200 ਸਾਥੀਆਂ ਨਾਲ ਗ੍ਰਿਫਤਾਰ ਕਰਕੇ ਲੁਧਿਆਣਾ ਦੀ ਬਰੋਸਟਲ ਜੇਲ ਵਿਖੇ 24 ਸਤੰਬਰ ਤੱਕ ਜੇਲ੍ਹ ਭੇਜ ਦਿੱਤਾ ਗਿਆ । ਪ੍ਰਸ਼ਾਸਨ ਨਾਲ ਫੈਸਲਾ ਹੋਣ ਤੇ ਸਾਥੀਆ ਤੇ ਪਾਏ ਪੁਲੀਸ ਕੇਸ ਵਾਪਸ ਲਏ ਗਏ ਅਤੇ 22 ਸਤੰਬਰ ਨੂੰ 15 ਦਿਨਾਂ ਦੀ ਜੇਲ੍ਹ ਯਾਤਰਾ ਕਰਕੇ ਜੇਲ੍ਹ ਤੋਂ ਰਿਹਾਅ ਹੋਏ। ਜੇਲ੍ਹ ਵਿੱਚ ਉਸ ਸਮੇਂ ਦੇ ਬਿਜਲੀ ਮੁਲਾਜ਼ਮਾਂ ਦੇ ਉੱਘੇ ਆਗੂ ਹਰਭਜਨ ਸਿੰਘ ਪਰਮਾਰ, ਗੁਰਨਾਮ ਸਿੰਘ ਗਿੱਲ, ਦਰਸ਼ਨ ਸਿੰਘ ਢਿੱਲੋਂ. ਤਾਰਾ ਸਿੰਘ ਖਹਿਰਾ ਅਤੇ ਦਰਸ਼ਨ ਸਿੰਘ ਚਾਹਲ ਆਦਿ ਸਾਥੀਆ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਥਾਣਾ ਸਰਹਾਲੀ ਦੀ ਪੁਲੀਸ ਨੇ ਚੋਹਲਾ ਸਾਹਿਬ ਬਿਜਲੀ ਘਰ ਦੇ ਕਰਮਚਾਰੀਆ ਤੇ ਨਜਾਇਜ਼ ਤਸ਼ੱਦਦ ਕੀਤਾ ਗਿਆ ਬਿਜਲੀ ਮੁਲਾਜ਼ਮਾਂ ਦੀਆਂ ਸਮੂਹ ਜਥੇਬੰਦੀਆਂ ਨੇ ਥਾਣੇ ਮੂਹਰੇ 03.07 1993 ਨੂੰ ਸ਼ਾਂਤਮਈ ਧਰਨਾ ਲਗਾਇਆ ਗਿਆ ਪੁਲੀਸ ਨੇ ਬਿਨਾਂ ਕਿਸੇ ਕਾਰਨ ਲਾਠੀਚਾਰਜ ਕੀਤਾ ਅਤੇ ਪੁਲਿਸ ਕੇਸ ਬਣਾ ਕੇ ਅਮ੍ਰਿਤਸਰ ਜੇਲ ਭੇਜ ਦਿੱਤਾ ਗਿਆ। ਜਥੇਬੰਦਕ ਦਬਾਅ ਕਾਰਨ ਅਗਲੇ ਦਿਨ ਸਾਥੀਆ ਸਮੇਤ ਜੇਲ੍ਹ ਤੋਂ ਰਿਹਾਅ ਹੋਏ।
1 ਜੂਨ 1988 ਨੂੰ ਪੂਰਨ ਸਿੰਘ ਦੀ ਬਦਲੀ ਭਿੱਖੀਵਿੰਡ ਦੀ ਹੋ ਗਈ ਅਤੇ ਏਟਕ ਆਗੂ ਅਮਰਜੀਤ ਸਿੰਘ ਮਾੜੀਮੇਘਾ ਅਤੇ ਗੁਰਚਰਨ ਸਿੰਘ ਕੰਡਾ ਆਦਿ ਸਾਥੀਆ ਨਾਲ ਕੰਮ ਕਰਦਿਆਂ ਜਥੇਬੰਦੀ ਦੇ ਡਵੀਜਨ ਸਕੱਤਰ ਲਈ ਚੁਣੇ ਗਏ ਅਤੇ ਲੰਮਾਂ ਸਮਾਂ ਇਸ ਅਹੁਦੇ ਤੇ ਕੰਮ ਕੀਤਾ। ਸਾਥੀ ਜੀ ਦੀ ਸ਼ਾਦੀ ਏ ਆਈ ਐਸ ਐਫ ਦੀ ਆਗੂ ਬੀਬੀ ਲਖਵਿੰਦਰ ਕੌਰ ਨਾਲ 13 ਅਕਤੂਬਰ 1990 ਨੂੰ ਹੋਈ ।ਉਹ ਹੁਣ ਵੀ ਪੰਜਾਬ ਇਸਤ੍ਰੀ ਸਭਾ ਵਿੱਚ ਸਰਗਰਮ ਹੈ। ਪੂਰਨ ਸਿੰਘ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਹੈ।
ਵੱਡੀ ਬੇਟੀ ਪ੍ਰਭਜੋਤ ਕੌਰ ਜੀ ਨਿਊਜ਼ ਚੈਨਲ ਵਿੱਚ ਬਤੌਰ ਅਸਿਸਟੈਂਟ ਪ੍ਰੋਡਿਊਸਰ ਕੰਮ ਕੀਤਾ। ਇਸ ਸਮੇਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਹੈ। ਛੋਟੇ ਬੱਚੇ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਰੁਜ਼ਗਾਰ ਦੀ ਭਾਲ ਵਿੱਚ ਹਨ।
ਪੂਰਨ ਸਿੰਘ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 1998 ਵਿੱਚ ਆਪ ਜੀ ਦੇ ਵੱਡੇ ਭਰਾ ਸਰਦਾਰ ਦਰਬਾਰਾ ਸਿੰਘ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ ਅਤੇ ਦੂਸਰੇ ਭਰਾਵਾਂ ਮਹਿੰਦਰ ਸਿੰਘ ਅਤੇ ਬਲਕਾਰ ਸਿੰਘ ਨੇ ਵੀ ਦਿਨ ਰਾਤ ਇੱਕ ਕਰਕੇ ਪਰਿਵਾਰ ਦੀ ਤਰੱਕੀ ਲਈ ਕੰਮ ਕੀਤਾ।
2011 ਵਿੱਚ ਆਪ ਨੂੰ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਤਰਨਤਾਰਨ ਦਾ ਪ੍ਰਧਾਨ ਬਣਾਇਆ ਅਤੇ ਲਗਾਤਾਰ ਤੀਸਰੀ ਵਾਰ ਜਥੇਬੰਦੀ ਦੇ ਸਰਕਲ ਪ੍ਰਧਾਨ ਬਣਦੇ ਰਹੇ ਅਤੇ ਅੱਜ ਤੱਕ ਇਹ ਸੇਵਾਵਾਂ ਨਿਭਾ ਰਹੇ ਹਨ। ਆਪ ਜਥੇਬੰਦੀ ਦੇ ਬਾਰਡਰ ਜੋਨ ਅਮ੍ਰਿਤਸਰ ਦੇ ਕਨਵੀਨਰ ਵੀ ਹਨ। ਆਪ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਆਲ ਇੰਡੀਆ ਫੈਡਰੇਸ਼ਨ ਆਫ ਇਲੈਕਟਰੀਸਿਟੀ ਇੰਪਲਾਈਜ਼ ਦੀਆਂ ਨੈਸ਼ਨਲ ਕਾਨਫ਼ਰੰਸਾਂ ਕਲਕੱਤਾ ਅਤੇ ਕੇਰਲਾ ਰਾਜ ਦੀ ਰਾਜਧਾਨੀ ਤਿਰਵੰਥਰਮਪੁਰਮ ਵਿਖੇ ਵੀ ਹਿੱਸਾ ਲਿਆ।
13 ਜੁਲਾਈ 2017 ਨੂੰ ਆਪ ਦੀ ਤਰੱਕੀ ਬਤੌਰ ਜੇਈ ਹੋਈ। ਅਤੇ 2018 ਤੋਂ 30 ਅਪ੍ਰੈਲ 2021 ਤੱਕ ਬਤੌਰ ਉੱਪ ਮੰਡਲ ਅਫਸਰ ਅਮਰਕੋਟ ਸੇਵਾਵਾਂ ਨਿਭਾਈਆਂ ਹਨ। ਆਪ ਨੇ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ, ਆਪਣੇ ਉੱਚ ਅਧਿਕਾਰੀਆਂ ਅਤੇ ਅਤੇ ਪਬਲਿਕ ਨਾਲ ਵਧੀਆ ਸਬੰਧ ਬਣਾ ਕੇ ਰੱਖੇ। ਆਪ ਨੇ ਆਪਣੇ ਉੱਚ ਅਧਿਕਾਰੀਆਂ ਨਾਲ ਮਿਲਕੇ ਇਲਾਕੇ ਦੇ ਖਪਤਕਾਰਾਂ ਅਤੇ ਮੋਹਤਬਰ ਸੱਜਣਾਂ ਨਾਲ ਮੀਟਿੰਗਾਂ ਕਰਕੇ ਮੌਕੇ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਦਾਂ ਰਿਹਾ।
ਕੋਵਿਡ 19 ਦੇ ਚੱਲਦਿਆਂ ਆਪ ਦੀ ਡਿਊਟੀ ਇਲਾਕੇ ਵਿੱਚ ਚੱਲਦੇ ਕੁਆਰੰਟਾਈਨ ਸੈਂਟਰਾਂ ਵਿੱਚ ਵੀ ਲਗਾਈ ਜਾਂਦੀ ਰਹੀ ਜੋ ਬਾਖੂਬੀ ਨਿਭਾਈ ਅਤੇ ਖਪਤਕਾਰਾਂ ਨੂੰ ਵਧੀਆ ਬਿਜਲੀ ਸਪਲਾਈ ਕਰੋਨਾ ਮਹਾਂਮਾਰੀ ਸਮੇਂ ਵੀ ਦਿੱਤੀ ਗਈ।
ਆਪ 30- 04 -2021 ਨੂੰ 33 ਸਾਲ 8 ਮਹੀਨੇ 18 ਦਿਨ ਦੀ ਲੰਮੀ ਅਤੇ ਬੇਦਾਗ਼ ਸਰਵਿਸ ਕਰਕੇ ਰਿਟਾਇਰ ਹੋਏ ਹਨ। ਆਪ ਵੱਲੋਂ 7 ਮਈ 2021 ਨੂੰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਪਰ 29 ਅਪ੍ਰੈਲ ਨੂੰ ਵੱਡੀ ਭਰਜਾਈ ਦੀ ਅਚਾਨਕ ਮੌਤ ਹੋਣ ਕਾਰਨ ਕੋਈ ਦਾਅਵਤ ਆਪਣੇ ਸੱਜਣਾਂ ਮਿੱਤਰਾ, ਖਪਤਕਾਰਾਂ, ਰਿਸ਼ਤੇਦਾਰਾਂ, ਅਫਸਰ ਸਾਹਿਬਾਨ ਅਤੇ ਕਰਮਚਾਰੀ ਸਾਥੀਆਂ ਨੂੰ ਪੇਸ਼ ਨਹੀਂ ਕਰ ਸਕੇ ਸੀ।
ਅੱਜ 13 ਅਕਤੂਬਰ ਨੂੰ ਇਹਨਾਂ ਵੱਲੋਂ ਕੀਤੀ ਗਈ ਪਾਰਟੀ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ, ਇਲਾਕੇ ਦੇ ਪਤਵੰਤੇ ,ਅਫਸਰ ਸਾਹਿਬਾਨ,ਫੈਡਰੇਸ਼ਨ ਏਟਕ ਦੇ ਸੂਬਾਈ ਆਗੂ ਅਤੇ ਇਲਾਕੇ ਦੇ ਲੋਕ ਇਸ ਸੁਹਿਰਦ ਆਗੂ ਦਾ ਸਨਮਾਨ ਕਰਨ ਲਈ ਪੁੱਜ ਰਹੇ ਹਨ। ਪੂਰਨ ਸਿੰਘ ਦੀ ਲੰਮੀ ਸਿਹਤਬਾਜ ਉਮਰ ਦੀ ਕਾਮਨਾ ਕਰਦੇ ਹਾਂ। ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਤਰਨਤਾਰਨ ਦੀ ਸਮੁੱਚੀ ਟੀਮ ਸਾਥੀ ਜੀ ਦਾ ਸਨਮਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰਦੀ ਹੈ। ਅਤੇ ਸਾਥੀ ਜੀ ਵੱਲੋਂ ਹਰ ਖੇਤਰ ਵਿੱਚ ਮਾਰੀਆਂ ਮੱਲਾਂ ਤੇ ਮਾਣ ਮਹਿਸੂਸ ਕਰਦੀ ਹੈ।
ਵੱਲੋਂ: ਇੰਜ. ਕੁਲਵਿੰਦਰ ਸਿੰਘ ਬਾਗੜੀਆ ਸੀਨੀਅਰ ਮੀਤ ਪ੍ਰਧਾਨ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਤਰਨਤਾਰਨ।